Genesis 26

1ਉਸ ਦੇਸ਼ ਵਿੱਚ ਕਾਲ ਪਿਆ ਅਤੇ ਇਹ ਪਹਿਲੇ ਕਾਲ ਤੋਂ ਵੱਖ ਸੀ, ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ । ਇਸ ਕਾਰਨ ਇਸਹਾਕ ਗਰਾਰ ਨੂੰ, ਫ਼ਿਲਿਸਤੀਆਂ ਦੇ ਰਾਜਾ ਅਬੀਮਲਕ ਕੋਲ ਚਲਾ ਗਿਆ ।

2ਤਦ ਯਹੋਵਾਹ ਨੇ ਉਸ ਨੂੰ ਦਰਸ਼ਨ ਦੇ ਕੇ ਆਖਿਆ, ਮਿਸਰ ਨੂੰ ਨਾ ਜਾਈਂ ਪਰ ਉਸ ਦੇਸ਼ ਵਿੱਚ ਜਾਈਂ, ਜਿਹੜਾ ਮੈਂ ਤੈਨੂੰ ਦੱਸਾਂਗਾ । 3ਤੂੰ ਉਸ ਦੇਸ਼ ਵਿੱਚ ਜਾ ਟਿੱਕੀਂ । ਮੈਂ ਤੇਰੇ ਅੰਗ-ਸੰਗ ਹੋਵਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਕਿਉਂ ਜੋ ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਇਹ ਸਾਰੇ ਦੇਸ਼ ਦਿਆਂਗਾ । ਮੈਂ ਉਸ ਸਹੁੰ ਨੂੰ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ, ਪੂਰੀ ਕਰਾਂਗਾ ।

4ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ ਅਤੇ ਮੈਂ ਤੇਰੀ ਅੰਸ ਨੂੰ ਇਹ ਸਾਰੇ ਦੇਸ਼ ਦਿਆਂਗਾ ਅਤੇ ਤੇਰੀ ਅੰਸ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ । 5ਕਿਉਂ ਜੋ ਅਬਰਾਹਾਮ ਨੇ ਮੇਰੀ ਅਵਾਜ਼ ਨੂੰ ਸੁਣਿਆ ਅਤੇ ਮੇਰੇ ਹੁਕਮਾਂ, ਮੇਰੀ ਬਿਧੀਆਂ ਅਤੇ ਮੇਰੀ ਬਿਵਸਥਾ ਦੀ ਪਾਲਨਾ ਕੀਤੀ ।

6ਇਸਹਾਕ ਗਰਾਰ ਵਿੱਚ ਵੱਸਿਆ ਰਿਹਾ 7ਜਦ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਪਤਨੀ ਵਿਖੇ ਪੁੱਛਿਆ ਤਾਂ ਉਸ ਨੇ ਆਖਿਆ, ਉਹ ਮੇਰੀ ਭੈਣ ਹੈ, ਕਿਉਂ ਜੋ ਉਹ ਇਹ ਸੋਚ ਕੇ ਡਰਦਾ ਸੀ, ਜੇਕਰ ਮੈਂ ਦੱਸਾਂ ਕਿ ਉਹ ਮੇਰੀ ਪਤਨੀ ਹੈ ਤਾਂ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ, ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ । 8ਜਦ ਉਸ ਨੂੰ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਅਬੀਮਲਕ ਫ਼ਲੀਸਤੀਆਂ ਦੇ ਰਾਜਾ ਨੇ ਇੱਕ ਦਿਨ ਖਿੜਕੀ ਵਿੱਚੋਂ ਦੀ ਝਾਤੀ ਮਾਰ ਕੇ ਵੇਖਿਆ ਤਾਂ ਵੇਖੋ ਇਸਹਾਕ ਆਪਣੀ ਪਤਨੀ ਰਿਬਕਾਹ ਨਾਲ ਲਾਡ-ਪਿਆਰ ਕਰ ਰਿਹਾ ਹੈ ।

9ਤਦ ਅਬੀਮਲਕ ਨੇ ਇਸਹਾਕ ਨੂੰ ਬੁਲਾ ਕੇ ਆਖਿਆ, ਵੇਖ ਉਹ ਸੱਚ-ਮੁੱਚ ਤੇਰੀ ਪਤਨੀ ਹੈ ਅਤੇ ਤੂੰ ਕਿਉਂ ਆਖਿਆ, ਕਿ ਉਹ ਮੇਰੀ ਭੈਣ ਹੈ ? ਇਸਹਾਕ ਨੇ ਉਸ ਨੂੰ ਆਖਿਆ, ਮੈਂ ਇਹ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ । 10ਅਬੀਮਲਕ ਨੇ ਆਖਿਆ, ਤੂੰ ਸਾਡੇ ਨਾਲ ਇਹ ਕੀ ਕੀਤਾ ਹੈ ? ਇਸ ਤਰ੍ਹਾਂ ਤਾਂ ਲੋਕਾਂ ਵਿੱਚੋਂ ਕੋਈ ਤੇਰੀ ਪਤਨੀ ਦੇ ਸੰਗ ਲੇਟਦਾ ਤਾਂ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ । 11ਤਦ ਅਬੀਮਲਕ ਨੇ ਸਾਰਿਆਂ ਲੋਕਾਂ ਨੂੰ ਇਹ ਹੁਕਮ ਦਿੱਤਾ ਕਿ ਜੋ ਕੋਈ ਇਸ ਮਨੁੱਖ ਅਤੇ ਇਸ ਦੀ ਪਤਨੀ ਨੂੰ ਹੱਥ ਲਾਵੇਗਾ, ਉਹ ਜ਼ਰੂਰ ਮਾਰਿਆ ਜਾਵੇਗਾ ।

12ਇਸਹਾਕ ਨੇ ਉਸ ਧਰਤੀ ਵਿੱਚ ਬੀਜ ਬੀਜਿਆ ਅਤੇ ਉਸੇ ਸਾਲ ਸੌ ਗੁਣਾ ਫਲ ਪ੍ਰਾਪਤ ਕੀਤਾ ਅਤੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ । 13ਸੋ ਉਹ ਵੱਧ ਗਿਆ ਅਤੇ ਵੱਧਦਾ ਚਲਾ ਗਿਆ ਅਤੇ ਉਹ ਅੱਤ ਵੱਡਾ ਮਨੁੱਖ ਹੋ ਗਿਆ । 14ਉਹ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਬਹੁਤ ਸਾਰੇ ਸੇਵਕਾਂ ਦਾ ਮਾਲਕ ਹੋ ਗਿਆ ਅਤੇ ਫ਼ਲਿਸਤੀ ਉਸ ਤੋਂ ਸੜਨ ਲੱਗੇ ।

15ਇਸ ਲਈ ਸਾਰੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਸੇਵਕਾਂ ਨੇ ਉਸ ਦੇ ਜੀਉਂਦੇ ਜੀ ਪੁੱਟੇ ਸਨ, ਫ਼ਲਿਸਤੀਆਂ ਨੇ ਬੰਦ ਕਰ ਦਿੱਤੇ ਅਤੇ ਮਿੱਟੀ ਨਾਲ ਭਰ ਦਿੱਤੇ । 16ਅਬੀਮਲਕ ਨੇ ਇਸਹਾਕ ਨੂੰ ਆਖਿਆ, ਸਾਡੇ ਕੋਲੋਂ ਚਲਾ ਜਾ, ਕਿਉਂ ਜੋ ਤੂੰ ਸਾਡੇ ਨਾਲੋਂ ਵੱਡਾ ਬਲਵੰਤ ਹੋ ਗਿਆ ਹੈਂ । 17ਤਦ ਇਸਹਾਕ ਉੱਥੋਂ ਚਲਾ ਗਿਆ ਅਤੇ ਗਰਾਰ ਦੀ ਘਾਟੀ ਵਿੱਚ ਆਪਣਾ ਤੰਬੂ ਲਾਇਆ ਅਤੇ ਉੱਥੇ ਰਹਿਣ ਲੱਗਾ ।

18ਤਦ ਇਸਹਾਕ ਨੇ ਪਾਣੀ ਦੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਸਨ, ਅਤੇ ਜਿਹੜੇ ਫ਼ਲਿਸਤੀਆਂ ਨੇ ਅਬਰਾਹਾਮ ਦੀ ਮੌਤ ਦੇ ਪਿੱਛੋਂ ਬੰਦ ਕਰ ਦਿੱਤੇ ਸਨ, ਦੁਬਾਰਾ ਪੁੱਟਿਆ ਅਤੇ ਉਸ ਨੇ ਉਨ੍ਹਾਂ ਖੂਹਾਂ ਦੇ ਨਾਮ ਅਬਰਾਹਾਮ ਦੇ ਰੱਖੇ ਹੋਏ ਨਾਵਾਂ ਉੱਤੇ ਰੱਖੇ ।

19ਇਸਹਾਕ ਦੇ ਸੇਵਕਾਂ ਨੂੰ ਘਾਟੀ ਵਿੱਚ ਪੁੱਟਦੇ ਹੋਏ, ਸੁੰਬ ਫੁੱਟਦੇ ਪਾਣੀ ਦਾ ਇੱਕ ਖੂਹ ਲੱਭਿਆ । 20ਤਦ ਗਰਾਰ ਦੇ ਆਜੜੀਆਂ ਨੇ ਇਸਹਾਕ ਦੇ ਆਜੜੀਆਂ ਨੂੰ ਕੌੜੇ ਬਚਨ ਬੋਲੇ ਅਤੇ ਕਿਹਾ, ਇਹ ਪਾਣੀ ਸਾਡਾ ਹੈ । ਉਸ ਨੇ ਉਸ ਖੂਹ ਦਾ ਨਾਮ ਏਸਕ ਰੱਖਿਆ ਕਿਉਂ ਜੋ ਓਹ ਉਸ ਦੇ ਨਾਲ ਝਗੜਦੇ ਸਨ ।

21ਤਦ ਉਨ੍ਹਾਂ ਨੇ ਇੱਕ ਹੋਰ ਖੂਹ ਪੁੱਟਿਆ ਅਤੇ ਉਸ ਦੇ ਵਿਖੇ ਵੀ ਕੌੜੇ ਬਚਨ ਬੋਲੇ ਤਦ ਉਹ ਨੇ ਉਸ ਖੂਹ ਦਾ ਨਾਮ ਸਿਟਨਾ ਰੱਖਿਆ । 22ਤਦ ਉਹ ਉੱਥੋਂ ਅੱਗੇ ਤੁਰ ਪਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਉਸ ਵਿਖੇ ਉਨ੍ਹਾਂ ਨੇ ਕੌੜੇ ਬਚਨ ਨਹੀਂ ਬੋਲੇ, ਇਸ ਲਈ ਉਹ ਨੇ ਉਸ ਖੂਹ ਦਾ ਨਾਮ ਇਹ ਆਖ ਕੇ ਰਹੋਬੋਥ ਰੱਖਿਆ ਕਿ ਹੁਣ ਯਹੋਵਾਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ । ਉਹ ਉੱਥੋਂ ਉਤਾਹਾਂ ਬਏਰਸਬਾ ਨੂੰ ਗਿਆ,

23ਉਸੇ ਰਾਤ ਯਹੋਵਾਹ ਨੇ ਉਹ ਨੂੰ ਦਰਸ਼ਨ ਦਿੱਤਾ ਅਤੇ ਆਖਿਆ, ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ । 24ਨਾ ਡਰ ਕਿਉਂ ਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦਿਆਂਗਾ ਅਤੇ ਤੇਰੀ ਅੰਸ ਨੂੰ ਅਬਰਾਹਾਮ ਆਪਣੇ ਦਾਸ ਦੇ ਕਾਰਨ ਵਧਾਵਾਂਗਾ । 25ਇਸ ਲਈ ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਦਾ ਨਾਮ ਪੁਕਾਰਿਆ ਅਤੇ ਉੱਥੇ ਆਪਣਾ ਤੰਬੂ ਖੜ੍ਹਾ ਕੀਤਾ ਅਤੇ ਉੱਥੇ ਇਸਹਾਕ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ ।

26ਤਦ ਅਬੀਮਲਕ ਆਪਣੇ ਮਿੱਤਰ ਅਹੁੱਜ਼ਥ ਅਤੇ ਆਪਣੇ ਸੈਨਾਪਤੀ ਫ਼ੀਕੋਲ ਨੂੰ ਨਾਲ ਲੈ ਕੇ ਗਰਾਰ ਤੋਂ ਉਹ ਦੇ ਕੋਲ ਆਏ । 27ਪਰ ਇਸਹਾਕ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਮੇਰੇ ਕੋਲ ਆਏ ਹੋ, ਜਦ ਕਿ ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਆਪਣੇ ਵਿੱਚੋਂ ਕੱਢ ਦਿੱਤਾ ਸੀ ?

28ਤਦ ਉਨ੍ਹਾਂ ਨੇ ਆਖਿਆ, ਹੁਣ ਅਸੀਂ ਸਾਫ਼-ਸਾਫ਼ ਵੇਖਿਆ ਹੈ ਕਿ ਯਹੋਵਾਹ ਤੁਹਾਡੇ ਸੰਗ ਹੈ ਇਸ ਲਈ ਅਸੀਂ ਸੋਚਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਅਰਥਾਤ ਸਾਡੇ ਅਤੇ ਤੁਹਾਡੇ ਵਿੱਚ ਇੱਕ ਸਮਝੌਤਾ ਹੋਵੇ ਅਤੇ ਅਸੀਂ ਇੱਕ ਨੇਮ ਤੁਹਾਡੇ ਨਾਲ ਬੰਨ੍ਹੀਏ । 29ਜਿਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾਇਆ ਅਤੇ ਤੁਹਾਡੇ ਨਾਲ ਭਲਿਆਈ ਹੀ ਕੀਤੀ ਅਤੇ ਤੁਹਾਨੂੰ ਸ਼ਾਂਤੀ ਨਾਲ ਤੋਰ ਦਿੱਤਾ, ਉਸੇ ਤਰ੍ਹਾਂ ਤੁਸੀਂ ਵੀ ਸਾਡੇ ਨਾਲ ਬੁਰਿਆਈ ਨਾ ਕਰਿਓ । ਹੁਣ ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ ।

30ਤਦ ਉਸ ਨੇ ਓਹਨਾਂ ਦੀ ਦਾਵਤ ਕੀਤੀ ਅਤੇ ਉਨ੍ਹਾਂ ਨੇ ਖਾਧਾ-ਪੀਤਾ । 31ਸਵੇਰੇ ਉੱਠ ਕੇ ਹਰ ਇੱਕ ਨੇ ਆਪਣੇ ਭਰਾ ਨਾਲ ਸਹੁੰ ਖਾਧੀ ਅਤੇ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਓਹ ਸ਼ਾਂਤੀ ਨਾਲ ਉੱਥੋਂ ਚਲੇ ਗਏ ।

32ਉਸੇ ਦਿਨ ਇਹ ਹੋਇਆ ਕਿ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਦੇ ਵਿਖੇ ਜਿਹੜਾ ਉਨ੍ਹਾਂ ਪੁੱਟਿਆ ਸੀ, ਉਹ ਨੂੰ ਦੱਸਿਆ ਕਿ ਸਾਨੂੰ ਪਾਣੀ ਲੱਭਿਆ ਹੈ । 33ਤਦ ਉਸ ਨੇ ਉਸ ਖੂਹ ਦਾ ਨਾਮ ਸ਼ਿਬਆਹ ਰੱਖਿਆ । ਇਸ ਕਾਰਨ ਉਸ ਨਗਰ ਦਾ ਨਾਮ ਅੱਜ ਤੱਕ ਬਏਰਸਬਾ ਹੈ ।

34ਜਦ ਏਸਾਓ ਚਾਲ੍ਹੀ ਸਾਲ ਦਾ ਸੀ ਤਾਂ ਉਹ ਬੇਰੀ ਹਿੱਤੀ ਦੀ ਧੀ ਯਹੂਦਿਥ ਅਤੇ ਏਲੋਨ ਹਿੱਤੀ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ । ਅਤੇ ਇਹ ਗੱਲ ਇਸਹਾਕ ਅਤੇ ਰਿਬਕਾਹ ਦੇ ਮਨਾਂ ਲਈ ਕੁੜੱਤਣ ਸੀ ।

35

Copyright information for PanULB